Shadow

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਪੀਕਰ ਸ. ਸੰਧਵਾਂ ਨੇ ਵੱਖ ਵੱਖ ਥਾਵਾਂ ਤੇ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ

ਫਰੀਦਕੋਟ 05 ਨਵੰਬਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੱਖ ਵੱਖ ਥਾਵਾਂ ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ ਅਤੇ ਪ੍ਰਕਾਸ਼ ਗੁਰਪੂਰਬ ਦੇ ਧਾਰਮਿਕ ਸਮਾਗਮਾਂ ਵਿਚ ਆਈਆਂ ਸੰਗਤਾਂ, ਸਮੂਹ ਪੰਜਾਬ ਵਾਸੀਆਂ ਅਤੇ ਦੇਸ਼ਾ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ।

ਸਪੀਕਰ ਸ. ਸੰਧਵਾ ਨੇ ਗੁਰਦੁਆਰਾ ਸ਼੍ਰੋਮਣੀ ਸੰਗਤ ਸਾਹਿਬ ਕੋਟਕਪੂਰਾ ਵਿਖੇ ਗੁਰਪੂਰਬ ਦੀ ਖੁਸ਼ੀ ਵਿਚ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਿਰਕਤ ਕੀਤੀ। ਇਸ ਉਪਰੰਤ ਉਹ ਗੁਰੂ ਨਾਨਕ ਸਤਸੰਗ ਸਭਾ ਫੇਰੂਮਾਨ ਚੌਕ ਕੋਟਕਪੂਰਾ ਵਿਖੇ ਗੁਰਪੂਰਬ ਦੇ ਸਬੰਧ ਵਿਚ ਕਰਵਾਏ ਗਏ ਨਗਰ ਕੀਰਤਨ ਚ ਸ਼ਾਮਿਲ ਹੋਏ।

ਇਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਮੁਹੱਲਾ ਬਾਠਾ ਵਾਲਾ ਨੇੜੇ ਮੋਂਗਾ ਸਵੀਟਸ ਫਰੀਦਕੋਟ ਵਿਖੇ ਮਹਾਨ ਗੁਰਮਤ ਸਮਾਗਮ ਵਿਚ ਆਪਣੀ ਹਾਜਰੀ ਭਰੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਧਾਰਮਿਕ ਸਮਾਗਮਾ ਵਿਚ  ਆਈਆਂ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੇ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਨੂੰ ਗੁਰਪੁਰਬ ਦੇ ਰੂਪ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ  ਵੱਲੋਂ ਪੂਰੀ ਧਾਰਮਿਕ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆਧਿਆਤਮਿਕ ਸੁਭਾਉ ਵਾਲੇ ਸਨ ਅਤੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸੱਚਾਈ ਅਤੇ ਭਗਤੀ ਦਾ ਰਾਹ ਚੁਣ ਲਿਆ ਸੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇੱਕ ਹੈ, ਉਹ ਸਭ ਵਿੱਚ ਵੱਸਦਾ ਹੈ ਅਤੇ ਕਿਸੇ ਵੀ ਧਰਮ ਜਾਂ ਜਾਤੀ ਵਿੱਚ ਫਰਕ ਨਹੀਂ ਕਰਦਾ। ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਿਆ। ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਕਈ ਦੇਸ਼ਾਂ ਵਿੱਚ ਜਾ ਕੇ ਏਕਤਾ, ਸੇਵਾ, ਸਚਾਈ  ਅਤੇ ਨਿਮਰਤਾ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਉਨਾ ਨੇ ਰਾਗੀ ਸਿੰਘਾ ਵਲੋਂ ਕੀਤੇ ਗਏ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਉਨਾਂ ਰਾਗੀ ਸਿੰਘਾ ਬਾਰੇ ਕਿਹਾ ਕਿ ਇਹ ਬਹੁਤ ਵੱਡਮੁੱਲੀ ਅਤੇ ਸਾਡੇ ਗੁਰੂਆਂ, ਪੀਰਾਂ ਵੱਲੋਂ ਬਖਸ਼ੀ ਹੋਈ ਸੇਵਾ ਹੈ, ਜੋ ਸਾਡੇ ਰਾਗੀ ਸਿੰਘਾ ਵਲੋਂ ਕੀਰਤਨ ਕਰਕੇ ਨਿਭਾਈ ਜਾਦੀ ਹੈ।

ਇਸ ਮੌਕੇ ਉਨਾਂ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਸੇਵਾ ਨੂੰ ਤੁਛ ਸੇਵਾ ਸਮਝਣ ਦੀ ਗਲਤੀ ਕੀਤੀ ਹੈ, ਉਨ੍ਹਾਂ ਕਿਹਾ ਕਿ ਭਾਂਵੇ ਇਹ ਗੱਲ ਕਿਸੇ ਹੋਰ ਗਲਤੀ ਦੀ ਮੁਆਫੀ ਮੰਗਣ ਲਈ ਕੀਤੀ ਹੈ, ਪ੍ਰੰਤੂ ਇਹ ਦੂਸਰੀ ਗਲਤੀ ਕੀਤੀ ਹੈ।  ਉਨਾਂ ਕਿਹਾ ਕਿ ਰਾਜਾ ਵੜਿੰਗ ਜੀ ਬਿਨ੍ਹਾਂ ਕਿਸੇ ਦੇਰੀ ਦੇ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਸਾਈਕਲ ਵਾਲੀ ਗੱਲ ਜਿਨ੍ਹਾਂ ਸਮਿਆ ਦੀ ਰਾਜਾ ਵੜਿੰਗ ਕਰ ਰਹੇ ਹਨ, ਉਨ੍ਹਾਂ ਸਮਿਆਂ ਚ ਤਾਂ ਸਾਈਕਲ ਵੀ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦਾ ਸੀ। ਉਨ੍ਹਾਂ ਕਿਹਾ ਕਿ ਨਿੱਕੀਆਂ ਗੱਲਾਂ ਵਿਚ ਪੈ ਕੇ ਵੱਡੀ ਪੰਜਾਬ ਦੀ ਬੁੱਧੀ ਦੀ ਗੱਲ ਕਰੋ, ਤਾਂ ਜੋ ਪੰਜਾਬ ਦਾ ਭਲਾ ਹੋ ਸਕੇ।

ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *